ਪ੍ਰਕਾਸ਼ ਨੇ ਆਪਣੇ ਘਰਵਾਲੇ ਦੀ ਕਲ ਰਾਤ ਦੀ ਲਾਈ ਹੋਈ ਪੱਗ ਲੌਬੀ ਦੀ ਸੈਟੀ ਤੇ ਪਈ ਦੇਖੀ ਤੇ ਓਹਨੂੰ ਆਪਣਾ ਘਰ ਯਾਦ ਆ ਗਿਆ | ਪ੍ਰਕਾਸ਼ ਦਾ ਵਿਆਹ ਉਸੂਲੀ ਉਮਰ ਦੇ ਕਈ ਵਾਰੀਆਂ ਬਾਅਦ ਹੋਇਆ ਸੀ, ਉਹ 29 ਸਾਲਾਂ ਦੀ ਸੀ, ਨਾ ਓਹਨੂੰ ਆਪ ਨੂੰ ਵਿਆਹ ਦੇ ਆਸਰੇ ਦੀ ਲੋੜ ਮਹਿਸੂਸ ਹੋਈ ਨਾ ਹੀ ਕਦੇ ਆਮ ਕੁੜੀਆਂ ਵਾਲਾ ਚਾਹ ਮਹਿਸੂਸ ਹੋਇਆ|
“ਹੰਡ ਜਾਏਗੀ ਜ਼ਿੰਦਗੀ, ਯਾ ਤਾਂ ਕਿਸੇ ਨਾਲ, ਯਾ ਫੇਰ ਕਲਿਆਂ| ਕੀ ਹੈ? ਬਸ ਬਸਰ ਹੀ ਤਾਂ ਕਰਨੀ ਹੈ |”
ਵਿਆਹ ਤੋਂ ਪਹਿਲਾਂ ਉਹ ਇਹ ਗੱਲ ਆਪਣੀ ਮਾਂ ਨੂੰ ਵੀ ਬੇਝਿਝਕ ਬੋਲ ਦੇਂਦੀ, ਭਾਵੈਂ ਉਸਦੀ ਮਾਂ ਦਾ ਅੰਦਰ ਕੰਬ ਜਾਵੇ|ਗੋਰੀ, ਲੰਮੀ ਤੇ ਭਰੇ ਹੋਈ ਕਾਯਾ ਦੀ ਉਹ ਕੁੜੀ ਆਪਣੀ ਉਮਰ ਤੋਂ ਕੋਸਾਂ ਅੱਗੇ ਸੀ | ਪਰ ੩੦ ਸਾਲਾਂ ਦੀ ਹੁੰਦਿਆਂ ਹੀ ਓਹਦਾ ਵਿਆਹ ਕਰਾ ਤਾ ਗਿਆ, ਓਹਨੂੰ ਗ਼ਰਜ਼ ਯਾ ਸ਼ਿਕਾਇਤ ਨਹੀਂ ਸੀ, ਉਹਦੀ ਹਾਮੀ ਪਿੱਛੋਂ ਹੀ ਰਿਸ਼ਤਾ ਮੁੱਕਮਲ ਹੋਇਆ| ਹਰਮਨ ਪ੍ਰਕਾਸ਼ ਨੂੰ ਪਸੰਦ ਵੀ ਸੀ , ਸਮਝਦਾਰ ਹੋਰ ਠੰਡੇ ਸਭਾ’ ਦਾ ਮਾਲਕ | ਵਿਆਹ ਤੋਂ ਉਪਰਾਂਤ ਵੀ ਓਹਨੇ ਹਰਮਨ ‘ਚੋਂ ਮੁਹੱਬਤ ਭਾਲਣ ਦੀ ਕੋਸ਼ਿਸ਼ ਨਾ ਕਿੱਤੀ ਨਾ ਆਪ ਨੂੰ ਕਦੇ ਮਹਿਬੂਬਾ ਦੇ ਕਿਰਦਾਰ ਚ ਢਾਲਿਆ | ਪਰ ਇਹ ਤਾਂ ਆਮ ਹੈ, ਸਾਡੇ ਸਮਾਜ ਦੀਆਂ ਕੁੜੀਆਂ ਅਕਸਰ ਵੋਹਟੀ ਬਣਨ ਦੇ ਸੁਪਨੇ ਮਾਣਦਿਆਂ ਹੰਨ, ਮਹਿਬੂਬਾ ਬਣਨਾ ਸ਼ਾਇਦ ਸਾਨੂੰ ਆਇਆ ਹੀ ਨਹੀਂ | ਦਾਦੀਆਂ, ਨਾਨੀਆਂ, ਮਾਵਾਂ ਵੀ ਅਕਸਰ ਇਕ ਕਾਬਿਲ ਪਤਨੀ ਹੋਣ ਦੇ ਗੁਰ ਦੇਂਦੀਆਂ ਹੰਨ, ਇਕ ਮਹਿਬੂਬਾ ਬਣਨਾ ਕਿਸੇ ਨਾ ਸਿੱਖਿਆ|
ਓਹਦਾ ਘਰਵਾਲਾ ਇਕ ਹੀ ਪੱਗ ੩-੪ ਦਿਨ ਪਾਉਣ ਤੋਂ ਝਿਝਕਦਾ ਨਹੀਂ ਸੀ, ਪਰ ਪ੍ਰਕਾਸ਼ ਓਹਨੂੰ ੨ ਦਿਨਾਂ ਤੋਂ ਵੱਧ ਇਕ ਪੱਗ ਨਾ ਬੰਨਣ ਦੇਂਦੀ | ਆਪਣੇ ਘਰ ਜੱਦ ਉਹਦਾ ਭਰਾ ਸ਼ਾਮੀ ਘਰ ਮੁੜ ਕੇ ਪੱਗ ਲਾਹ ਕੇ ਰੱਖਦਾ ਸੀ ਤੇ ਪ੍ਰਕਾਸ਼ ਓਹਨੂੰ ਆਪਣੇ ਸਿਰ ਤੇ ਰੱਖ ਲਿਆ ਕਰਦੀ ਸੀ | ਬਚਪਣ ‘ਚ ਤਾਂ ਆਪਣੀ ਕੱਲੀ ਪੋਤੀ ਨੂੰ ਓਹਦਾ ਦਾਦਾ ਪਰਨਾ ਬੰਨ੍ਹ ਕੇ ‘ਯਮਲਾ ਜੱਟ’ ਬਣਾ ਦੇਂਦਾ, ਹੋਰ ਦੋਵੇਂ ਦੇਰ ਤਕ ਖੇਡ ਦੇ ਰਹਿੰਦੇ, ਪਰ ਜੁਆਨ ਹੋ ਕੇ ਵੀ ਪ੍ਰਕਾਸ਼ ਦਾ ਬਚਪਨ ਨਹੀਂ ਸੀ ਗਿਆ , ਜੱਦ ਵੀ ਕੱਪੜੇ ਧੋਣ ਲੱਗਿਆਂ ਉਹਦੀ ਮਾਂ ਓਹਨੂੰ ਆਵਾਜ਼ ਮਾਰਦੀ ਕੇ ਬਿਸਤਰੇ ਕੋਲ ਪਈ ਭਾਪਾ ਜੀ ਦੀ ਪੱਗ ਫੱੜਾ ਦੇ, ਉਹ ਹਮੇਸ਼ਾ ੨ ਕੁ ਪਲ ਆਪਣੇ ਸਿਰ ਤੇ ਧਰਦੀ ਫੇਰ ਫੜਾਉਣ ਜਾਂਦੀ |
“ਇੰਜ ਹੀ ਨਾ ਪੱਗ ਨੂੰ ਮੈਲੇ ਕੱਪੜਿਆਂ ‘ਚ ਪਾ ਦਿਆ ਕਰ |” ਇਕ ਵਾਰ ਉਹਦੇ ਭਰਾ ਨੇ ਓਹਨੂੰ ਬੋਲਿਆ, “ਖੋਲ ਕੇ ਰੱਖਿਆ ਕਰ |”
“ਤੂੰ ਇੰਜ ਹੀ ਲਾਹ ਕੇ ਰੱਖ ਦੇਂਦਾ ਏਂ, ਆਪ ਖੋਲ ਕੇ ਰੱਖਿਆ ਕਰ | ਭਾਪਾ ਜੀ ਰੱਖ ਸਕਦੇ ਹੰਨ, ਤੂੰ ਤਾਂ ਖੋਲ ਦਿਆ ਕਰ|” ਸਾਲ ਵੱਡੀ ਭੈਣ ਹੋਣ ਦੇ ਹਕ਼ ਨਾਲ ਪ੍ਰਕਾਸ਼ ਝੱਟ ਭਰਾ ਨੂੰ ਪੈ ਗਈ, ਪਰ ਪੱਗ ‘ਚ ਲੱਗੀਆਂ ਪਿੰਨਾ ਕੱਡ ਤੇ ਪੱਗ ਖੋਲ ਕੇ ਮੈਲੇ ਕੱਪੜੇ ਕੱਠੇ ਕਰਨਾ ਓਹਦੀ ਆਦਤ ਚ ਸ਼ਾਮਿਲ ਹੋ ਗਿਆ ਸੀ| ਬਸ ਉਹ ਆਪਣੇ ਭਰਾ ਦੀ ਸਕੂਲ ਦੀ ਪੱਗ ਨੂੰ ਹੱਥ ਨਾ ਲਾਉਂਦੀ, ਓਹਨੂੰ ਪਤਾ ਸੀ, ਹੋਜੀ ਜੱਦ ਵੀ ਲੇਟ ਹੁੰਦੈ ਤੇ ਬਸ ਇੰਜ ਹੀ ਬੰਨ੍ਹੀ- ਬੰਨ੍ਹਾਈ ਪੱਗ ਦਾ ਅਗਲਾ ਲੜ ਸੈੱਟ ਕਰਕੇ ਸਕੂਲ ਨਿਕਲ ਜਾਂਦਾ ਹੈ|
ਪ੍ਰਕਾਸ਼ ਫੁਰਤੀ ਨਾਲ ਉਠ ਕੇ ਘਰਵਾਲੇ ਦੀ ਪੱਗ ਖੋਲਣ ਲੱਗ ਪਈ, 5 ਮਿੰਟ ਪਹਿਲਾਂ ਹੀ ਓਹਨੇ ਮਸ਼ੀਨ ਲਾਈ ਸੀ, ਪਰ ਉਹ ਪੱਗ ਪਾਉਣੀ ਤਾਂ ਭੁੱਲ ਹੀ ਗਈ ਸੀ | ਗੂੜੇ ਹਰੇ ਰੰਗ ਦੀ ਪੱਗ ਖੋਲ੍ਹਦਿਆਂ ਪ੍ਰਕਾਸ਼ ਨੇ ਜਾਇਜ਼ਾ ਲਿੱਤਾ, ਪੱਗ ਦੀ ਉਮਰ ਹੋ ਗਈ ਸੀ, ਲੀੜੇ ‘ਚ ਮੋਰੀਆਂ ਪੈ ਗਈਆਂ ਸੀ| ਓਹਨੇ ਮੰਨ ਹੀ ਮੰਨ ਸੋਚਿਆ ਕੇ ਦੋ ਦਸਤਾਰਾਂ ਹੋ ਜਾਣ ਗਿਆਂ, ਰਾਤੀ ਬੰਨ੍ਹ ਲਿਆ ਕਰਣਗੇ| ਆਪਣੀ ਮਾਂ ਨੂੰ ਕਈ ਵਾਰੀ ਇੰਜ ਹੀ ਪੱਗਾਂ ਵਰਤਦੇ ਦੇਖਿਆ ਸੀ ਓਹਨੇ, ਪੱਗਾਂ ਦੇ ਟੁਕੜੇ ਦਸਤਾਰਾਂ ‘ਚ ਤਬਦੀਲ ਹੁੰਦੇ ਫੇਰ ਜੱਦ ਦਸਤਾਰਾਂ ਜੋਗੇ ਵੀ ਨਹੀਂ ਰਹਿੰਦੇ ਸੀ ਤੇ ਓਹਦੀ ਮਾਂ ਇਕ ਉਚੇਚੇ ਦਰਾਜ ‘ਚ ਓਹਨਾ ਨੂੰ ਰੱਖ ਦੇਂਦੀ, ਹੋਰ ਬੱਸ ਘਰ ‘ਚ ਲੱਗੀਆਂ ਗੁਰੂਆਂ ਦੀਆਂ ਫੋਟੋਆਂ ਸਾਫ ਕਰਣ ਲਈ ਹੀ ਵਰਤਦੀ|
ਓਹਨੇ ਕਦੇ ਆਪਣੇ ਭਾਪਾ ਜੀ ਦੀ ਪੱਗਾਂ ਨੂੰ ਇਹਨੇ ਗੋਰ ਨਾਲ ਨਹੀਂ ਸੀ ਦੇਖਿਆ| ਮਸ਼ੀਨ ਚ ਪੱਗ ਪਾਉਂਦੇ ਪ੍ਰਕਾਸ਼ ਨੇ ਸੋਚਿਆ, ਓਹਨੂੰ ਆਪਣੇ ਘਰਵਾਲੇ ਦੀਆਂ ਸਾਰੀਆਂ ਪੱਗਾਂ ਦੇ ਰੰਗ ਪਤਾ ਹੰਨ, ਨਵੀਆਂ ਪੁਰਾਣੀਆਂ ਦਾ ਵੀ ਫਰਕ ਪਤਾ ਸੀ, ਪਰ ਹੁਣ ਓਹਨੇ ਕਦੀ ਮਜ਼ਾਕ ‘ਚ ਓਹਦੀ ਪੱਗ ਆਪਣੇ ਸਿਰ ਤੇ ਨਹੀਂ ਸੀ ਰੱਖੀ| ਉਂਜ ਓਹਨਾ ਦਾ ਰਿਸ਼ਤਾ ਲਾਡ ਤੋਂ ਖਾਲੀ ਵੀ ਨਹੀਂ ਸੀ, ਪਰ ਪ੍ਰਕਾਸ਼ ਦੀ ਸਾਂਝੇਦਾਰੀ ਆਪਣੇ ਘਰਵਾਲੇ ਨਾਲ ਬੜੀ ਖੁਸ਼ਕ ਸੀ| ਸ਼ਾਇਦ ਜੇ ਓਹਨਾ ਨੂੰ ਪੁੱਛਿਆ ਜਾਂਦਾ ਕੇ ਉਹ ਇਕ ਦੂਜੇ ਨੂੰ ਪਿਆਰ ਕਰਦੇ ਹੰਨ, ਤੇ ਕਿਸੇ ਵੀ ਨਹੀਂ ਸੀ ਮੁਕਰਨਾ, ਪਰ ਓਹਨਾ ਦੀ ਮਿਤਰਤਾ ਹੋਰ ਸੀ| ਹਰਮਨ ਨੇ ਕੱਦੇ ਵੀ ਸੁੱਤੀ ਹੋਈ ਪ੍ਰਕਾਸ਼ ਨੂੰ ਨਹੀਂ ਸੀ ਉਠਾਯਾ, ਸਵੇਰੇ ਅਕਸਰ ਪ੍ਰਕਾਸ਼ ਕੁੰਡੇ ਦੀ ਖੜਾਕ ਨਾਲ ਹੀ ਉੱਠਦੀ| ਹਰਮਨ ਸਵੇਰੇ ਉੱਠ ਕੇ ਚਾਹ ਬਣਾਉਂਦਾ, ਨ੍ਹਾ ਧੋ ਕੇ ਪੱਗ ਬੰਨਣ ਲੱਗਿਆਂ ਉਹ ਘਰ ਦੇ ਮੇਨ ਦਰਵਾਜੇ ਦੇ ਕੁੰਡੇ ਤੇ ਪੱਗ ਦਾ ਕੋਨਾ ਬੰਨ੍ਹ ਦੇਂਦਾ, ਦੂਜੇ ਪਾਸਿਓਂ ਪੂਣੀ ਕਰਕੇ ਓਹਨੂੰ ਆਪਣੇ ਕਮਰੇ ਦੇ ਕੁੰਡੇ ਨਾਲ ਬੰਨ੍ਹ ਦੇਂਦਾ, ਇੰਜ ਹੀ ਦੋਨੋ ਪਾਸਿਓਂ ਪੂਣੀ ਕਰਕੇ ਹਰਮਨ ਕਮਰੇ ਚ ਪੱਗ ਕੱਠੀ ਕਰਕੇ ਵੜਦਾ| ਐਸੇ ਸਵੇਰ ਦੇ ਖੜਾਕੇ ਤੋਂ ਪ੍ਰਕਾਸ਼ ਦੀ ਜਾਗ ਖੁਲਦੀ, ਉਹ ਝੱਟ ਉੱਠ ਕੇ ਚਾਹ ਚਾੜਦੀ ਹੋਰ ਕਦੇ ਪਰਾਂਠੇ, ਯਾ ਟੋਸਟ ਬਣਾਉਣ ਲੱਗ ਪੈਂਦੀ| ਆਪਣੇ ਘਰ ਉਹ ਬਚਪਣ ‘ਚ ਭਾਪਾ ਜੀ ਨਾਲ ਪੂਣੀ ਕਰਾਉਂਦੀ ਸੀ , ਹੋਰ ਸਾਰਾ ਜ਼ੋਰ ਲਾ ਦੇਂਦੀ ਸੀ ਖਿੱਚਣ ਵੇਲੇ, “ਚਲ ਸ਼ਾਬਾਸ਼, ਹੋਰ ਖਿੱਚ|” ਓਹਦੇ ਭਾਪਾ ਜੀ ਬੋਲਦੇ ਹੁੰਦੇ ਸੀ| ਆਪਣੇ ਭਰਾ ਨਾਲ ਵੀ ਓਹੀ ਪੂਣੀ ਕਰਾਉਂਦੀ ਸੀ, ਪਰ ਹਰਮਨ ਨਾਲ ਓਹਨੇ ਘੱਟ ਹੀ ਪੂਣੀ ਕਰਾਈ ਸੀ| ਵਿਆਹ ਤੋਂ ਬਾਦ ਜੱਦ ਪਹਿਲੀ ਵਾਰ ਪ੍ਰਕਾਸ਼ ਨੇ ਪੂਣੀ ਕਰਾਈ ਤੇ ਹਰਮਨ ਨੇ ਹੋਰ ਤਰੀਕਾ ਦਸਿਆ ਪੱਗ ਕੱਠੀ ਕਰਣ ਦਾ, ਕਈ ਵਾਰ ਕੋਸ਼ਿਸ਼ ਕਰਣ ਤੋਂ ਬਾਦ ਵੀ ਪ੍ਰਕਾਸ਼ ਦੀਆਂ ਉਗਲਾਂ ਪੱਗ ਉਂਜ ਹੀ ਲਪੇਟਦੀਆਂ ਗਈਆਂ ਜਿਵੇਂ ਉਸਦੀ ਆਦਤ ਸੀ “ਮੇਰਾ ਭਰਾ ਤਾਂ ਇੰਝ ਹੀ ਪੂਣੀ ਕਰਵਾਉਂਦਾ ਹੈ|” ਪ੍ਰਕਾਸ਼ ਨੇ ਖਿੱਚ ਕੇ ਕਿਹਾ ਸੀ ਤੇ ਹਰਮਨ ਨੇ ਹੱਸ ਕੇ ਓਹੀ ਪੱਗ ਬੰਨ੍ਹ ਲਿੱਤੀ ਸੀ| ਓਹਨਾ ਦਾ ਪਿਆਰ ਨਾ ਤਾਂ ਹੱਜੇ ਹੰਢਿਆ ਸੀ, ਨਾ ਸਿਰੇ ਚੜਿਆ ਸੀ, ਪਰ ਸ਼ਾਇਦ ਵੋਹਟੀ ਦੀ ਸਾਂਝੇਦਾਰੀ ਆਪਣੇ ਖਸਮ ਦੀ ਪੱਗ ਨਾਲ ਖੁਸ਼ਕ ਹੀ ਹੋਂਦੀ ਹੈ|
ਓਹਨੇ ਚਲਦੀ ਮਸ਼ੀਨ ਦਾ ਢੱਕਣ ਖੋਲ ਕੇ ਘਰਵਾਲੇ ਦੀ ਪੱਗ ਧੋਣ ਲਈ ਪਾ ਤੀ|